ਭੀੜਤੰਤਰ ਨਾਲ ਨਜਿੱਠਣ ਲਈ ਕੇਂਦਰ ਵਲੋਂ ਦੋ ਉੱਚ-ਪੱਧਰੀ ਕਮੇਟੀਆਂ ਦਾ ਗਠਨ
* ਰਾਜਨਾਥ ਸਿੰਘ ਤੇ ਗ੍ਰਹਿ ਸਕੱਤਰ ਕਰਨਗੇ ਅਗਵਾਈ * ਚਾਰ ਹਫ਼ਤਿਆਂ 'ਚ ਦੇਣਗੀਆਂ ਸਿਫ਼ਾਰਸ਼ਾਂ
ਨਵੀਂ ਦਿੱਲੀ, 23 ਜੁਲਾਈ (ਉਪਮਾ ਡਾਗਾ ਪਾਰਥ)-ਦੇਸ਼ 'ਚ ਭੀੜਤੰਤਰ ਵਲੋਂ ਕੁੱਟਮਾਰ ਕਰ ਕੇ ਹੱਤਿਆਵਾਂ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਰਕਾਰ ਨੇ 2 ਉੱਚ ਪੱਧਰੀ ਕਮੇਟੀਆਂ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਕਮੇਟੀ ਦੀ ਅਗਵਾਈ ਗ੍ਰਹਿ ਸਕੱਤਰ ਰਾਜੀਵ ਗੌਬਾ ਵਲੋਂ ਕੀਤੀ ਜਾਵੇਗੀ। ਇਹ ਪੈਨਲ ਚਾਰ ਹਫ਼ਤਿਆਂ ਅੰਦਰ ਇਸ ਸਬੰਧ 'ਚ ਪ੍ਰਧਾਨ ਮੰਤਰੀ ਨੂੰ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗਾ। ਦੂਸਰੀ ਕਮੇਟੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਮੰਤਰੀਆਂ ਦਾ ਸਮੂਹ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜੋ ਉੱਚ ਪੱਧਰ ਕਮੇਟੀਆਂ ਦੀਆਂ ਸਿਫਾਰਸ਼ਾਂ 'ਤੇ ਵਿਚਾਰ ਕਰੇਗਾ। ਮੰਤਰੀਆਂ ਦੇ ਸਮੂਹ 'ਚ ਰਾਜਨਾਥ ਸਿੰਘ ਤੋਂ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸੜਕ ਅਤੇ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ, ਪਾਣੀ ਵਸੀਲਿਆਂ ਬਾਰੇ ਮੰਤਰੀ ਅਤੇ ਸਮਾਜਿਕ ਨਿਆਂ ਮੰਤਰੀ ਥਾਵਰ ਚੰਦ ਗਹਿਲੋਤ ਸ਼ਾਮਿਲ ਹੋਣਗੇ। ਇਕ ਹਫ਼ਤਾ ਪਹਿਲਾਂ ਸੁਪਰੀਮ ਕੋਰਟ ਨੇ ਭੀੜਤੰਤਰ ਵਲੋਂ ਹੱਤਿਆਵਾਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਨੂੰ ਕਾਨੂੰਨ ਬਣਾਉਣ ਅਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਸੀ। ਗ੍ਰਹਿ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਾਲੀ ਕਮੇਟੀ 'ਚ ਗ੍ਰਹਿ ਸਕੱਤਰ ਤੋਂ ਇਲਾਵਾ ਕਾਨੂੰਨੀ ਮਾਮਲਿਆਂ ਬਾਰੇ ਸਕੱਤਰ, ਸੰਸਦੀ ਵਿਭਾਗ ਦੇ ਸਕੱਤਰ ਅਤੇ ਸਮਾਜਿਕ ਨਿਆਂ ਵਿਭਾਗ ਦੇ ਸਕੱਤਰ ਸ਼ਾਮਿਲ ਹੋਣਗੇ। ਹਾਲ 'ਚ ਵਧ ਰਹੀਆਂ ਭੀੜਤੰਤਰ ਵਲੋਂ ਹੱਤਿਆਵਾਂ ਕਰਨ ਦੀਆਂ ਘਟਨਾਵਾਂ ਕਾਰਨ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਸਰਕਾਰ ਇਕ ਕਾਨੂੰਨ ਦਾ ਖ਼ਾਕਾ ਤਿਆਰ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਨੂੰ ਰਾਜਾਂ ਵਲੋਂ ਅਪਣਾਇਆ ਜਾ ਸਕਦਾ ਹੈ। ਹਾਲਾਂਕਿ ਇਹ ਸਭ ਕੁਝ ਹਾਲੇ ਸ਼ੁਰੂਆਤੀ ਪੜਾਅ 'ਚ ਹੈ।
0 Comments